ਸਿੰਘੂ ਬਾਰਡਰ ਦੁਆਲੇ ਪੁਲਸ ਵੱਲੋਂ ਘੇਰਾਬੰਦੀ ਹੋਰ ਸਖ਼ਤ

Category : Panjabi News | panjabi news Posted on 2021-02-04 09:23:34


ਸਿੰਘੂ ਬਾਰਡਰ ਦੁਆਲੇ ਪੁਲਸ ਵੱਲੋਂ  ਘੇਰਾਬੰਦੀ ਹੋਰ ਸਖ਼ਤ

ਸਿੰਘੂ ਬਾਰਡਰ - ਦਿੱਲੀ ਦੇ ਲਾਲ ਕਿਲੇ੍ਹ `ਤੇ ਅਤੇ ਹੋਰ ਥਾਵਾਂ `ਤੇ ਵਾਪਰੀਆਂ ਘਟਨਾਵਾਂ ਤੋਂ ਬਾਅਦ ਪੁਲਸ ਨੇ ਕਿਸਾਨ ਮੋਰਚੇ ਦੁਆਲੇ ਘੇਰਾਬੰਦੀ ਸਖ਼ਤ ਕਰ ਦਿੱਤੀ ਹੈ। ਇਸੇ ਦੌਰਾਨ ਸਿੰਘੂ ਬਾਰਡਰ `ਤੇ ਕਿਸਾਨ ਸੰਯੁਕਤ ਮੋਰਚੇ ਦੀ ਸਟੇਜ ਤੋਂ ਅੱਗੇ ਬੈਠੇ ਨਿਹੰਗ ਸਿੰਘਾਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਵਿਚਾਲੇ ਇੱਕ ਮਜ਼ਬੂਤ ਕੰਧ ਦੀ ਉਸਾਰੀ ਸ਼ੁਰੂ ਕਰ ਦਿੱਤੀ ਹੈ।

ਵਰਨਣ ਯੋਗ ਹੈ ਕਿ ਕਰੀਬ ਤਿੰਨ ਫੁੱਟ ਚੌੜੇ ਮਜ਼ਬੂਤ ਥੰਮ ਬਣਾਕੇ ਸਰੀਆ, ਬਜ਼ਰੀ ਤੇ ਸੀਮੇਂਟ ਨਾਲ ਹੱਦਬੰਦੀ ਕੀਤੀ ਜਾ ਰਹੀ ਹੈ। ਕੰਧ ਦੇ ਪਾਰਲੇ ਪਾਸੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਚੱਲ ਰਹੇ ਮੋਰਚੇ ਨੂੰ ਵੀ ਚੁਫੇਰਿਓਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰੱਖਿਆ ਗਿਆ ਹੈ। ਇਸ ਦੇ ਨਾਲ ਸੜਕ `ਤੇ ਤਿੱਖੇ ਕਿੱਲ ਵੀ ਲਾਏ ਜਾ ਰਹੇ ਹਨ।ਮੀਡੀਆ ਟੀਮ ਨੇ ਮੌਕੇ `ਤੇ ਪੁੱਜ ਕੇ ਦੇਖਿਆ ਕਿ ਪੁਲਸ ਦੇ ਅਧਿਕਾਰੀ ਤੇ ਜਵਾਨ ਕੋਲ ਖੜੋ ਕੇ ਕੰਧ ਕਰਵਾ ਰਹੇ ਸਨ, ਜਿਸ ਦਾ ਮੌਕੇ `ਤੇ ਹਾਜ਼ਰ ਕਿਸਾਨਾਂ ਵੱਲੋਂ ਉਚੀ ਆਵਾਜ਼ ਵਿੱਚ ਵਿਰੋਧ ਪ੍ਰਗਟਾਇਆ ਗਿਆ ਸੀ। ਕਈ ਬੁਲਾਰਿਆਂ ਵੱਲੋਂ ਜਿੱਥੇ ਸਰਕਾਰ ਦੀਆਂ ਇਨ੍ਹਾਂ ਕਾਰਵਾਈਆਂ ਦਾ ਤਿੱਖਾ ਵਿਰੋਧ ਕੀਤਾ ਗਿਆ, ਉਥੇ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਕਿ ਪੂਰੇ ਦੇਸ਼ ਦੇ ਕਿਸਾਨ ਉਠ ਖੜੇ ਹਨ, ਸਰਕਾਰ ਦੀਆਂ ਰੋਕਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਤੋਂ ਰੋਕ ਨਹੀਂ ਸਕਦੀਆਂ। ਇਸ ਦੌਰਾਨ ਮੋਰਚੇ `ਤੇ ਕੱਲ੍ਹ ਵੀ ਵੱਡੀ ਗਿਣਤੀ `ਚ ਪੰਜਾਬ, ਹਰਿਆਣਾ ਅਤੇ ਯੂ ਪੀ ਤੋਂ ਕਿਸਾਨਾਂ ਦੇ ਵੱਡੇ ਕਾਫ਼ਲਿਆਂ ਨੇ ਹਾਜ਼ਰੀ ਲਵਾਈ।

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ ਗਿੱਲ ਅਤੇ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਸਰਕਾਰ ਕਿਸਾਨੀ ਸੰਘਰਸ਼ ਤੋਂ ਬੁਖਲਾ ਚੁੱਕੀ ਹੈ ਅਤੇ ਜਿੱਤ ਨੇੜੇ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਸੰਘਰਸ਼ਕਾਰੀ ਕਿਸਾਨਾਂ ਅਤੇ ਖਾਸਕਰ ਨੌਜਵਾਨਾਂ ਨੂੰ ਸ਼ਾਂਤੀ ਬਣਾ ਕੇ ਸੰਘਰਸ਼ ਹੋਰ ਤਿੱਖਾ ਕਰਨ ਦੀ ਅਪੀਲ ਕੀਤੀ।ਇਸ ਮੌਕੇ ਖਾਪ ਪੰਚਾਇਤਾਂ ਦੇ ਰਣਧੀਰ ਸਿੰਘ ਸਰੋਆ ਨੇ ਕਿਹਾ ਕਿ ਹਰਿਆਣੇ ਦੀਆਂ ਖਾਪ ਪੰਚਾਇਤਾਂ ਇਸ ਸਾਂਝੇ ਸੰਘਰਸ਼ੀ ਘੋਲਾਂ ਦੀ ਪਿੱਠ `ਤੇ ਪੂਰੀ ਤਰ੍ਹਾਂ ਖੜੀਆਂ ਹਨ।

Stay tuned with us