ਬਾਇ ਅਮੈਰੀਕਨ ਨੀਤੀ ਅਤੇ ਕਲਾਈਮੇਟ ਚੇਂਜ ਸਮੇਤ ਕਈ ਮੁੱਦਿਆਂ ਉੱਤੇ ਟਰੂਡੋ ਤੇ ਹੈਰਿਸ ਨੇ ਕੀਤੀ ਗੱਲਬਾਤ

Category : Panjabi News | panjabi news Posted on 2021-02-03 01:38:08


ਬਾਇ ਅਮੈਰੀਕਨ ਨੀਤੀ ਅਤੇ ਕਲਾਈਮੇਟ ਚੇਂਜ ਸਮੇਤ ਕਈ ਮੁੱਦਿਆਂ ਉੱਤੇ ਟਰੂਡੋ ਤੇ ਹੈਰਿਸ ਨੇ ਕੀਤੀ ਗੱਲਬਾਤ

ਓਟਵਾ – ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਅਮਰੀਕਾ ਦੀ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨਾਲ ਸਰਹੱਦੋਂ ਪਾਰਲੇ ਮੁੱਦਿਆਂ ਸਮੇਤ ਡੈਮੋਕ੍ਰੈਟਸ ਦੀ ਬਾਇ ਅਮੈਰੀਕਨ ਪਾਲਿਸੀ ਉੱਤੇ ਵੀ ਵਿਚਾਰ ਚਰਚਾ ਕੀਤੀ।

ਪ੍ਰਧਾਨ ਮੰਤਰੀ ਆਫਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਟਰੂਡੋ ਨਾਲ ਫੋਨ ਉੱਤੇ ਕੀਤੀ ਗਈ ਗੱਲਬਾਤ ਵਿੱਚ ਹੈਰਿਸ ਨੇ ਮਾਂਟਰੀਅਲ ਵਿੱਚ ਗੁਜ਼ਾਰੇ ਆਪਣੇ ਵਕਤ ਨੂੰ ਚੇਤੇ ਕੀਤਾ ਤੇ ਇਸ ਤੋਂ ਇਲਾਵਾ ਦੋਵਾਂ ਆਗੂਆਂ ਨੇ ਨੀਤੀਗਤ ਮੁੱਦਿਆਂ ਉੱਤੇ ਵੀ ਗੱਲਬਾਤ ਕੀਤੀ। ਟਰੂਡੋ ਨੇ ਬਾਇ ਅਮੈਰੀਕਨ ਪਾਲਿਸੀਜ਼ ਦੇ ਅਣਚਾਹੇ ਨਤੀਜਿਆਂ ਤੋਂ ਦੂਰ ਰਹਿਣ ਤੇ ਕਲਾਇਮੇਟ ਚੇਂਜ ਵਰਗੇ ਮੁੱਦਿਆਂ ਉੱਤੇ ਵੀ ਗੱਲ ਕੀਤੀ। ਇਸ ਤੋਂ ਇਲਾਵਾ ਵੰਨ ਸੁਵੰਨਤਾ ਨੂੰ ਹੱਲਾਸ਼ੇਰੀ ਦੇਣ ਦੀ ਗੱਲ ਵੀ ਕੀਤੀ ਗਈ।

ਇਨ੍ਹਾਂ ਮੁੱਦਿਆਂ ਤੋਂ ਇਲਾਵਾ ਦੋਵਾਂ ਆਗੂਆਂ ਨੇ ਹਥਿਆਰਾਂ ਦੀ ਸਮਗਲਿੰਗ, ਲਿੰਗਕ ਹਿੰਸਾ ਦੇ ਨਾਲ ਨਾਲ ਮਾਈਕਲ ਕੋਵਰਿਗ ਤੇ ਮਾਈਕਲ ਸਪੇਵਰ ਨੂੰ ਚੀਨ ਵੱਲੋਂ ਨਜ਼ਰਬੰਦ ਕਰਕੇ ਰੱਖਣ ਵਰਗੇ ਮੁੱਦਿਆਂ ਉੱਤੇ ਵੀ ਗੱਲ ਕੀਤੀ।ਇਸ ਦੌਰਾਨ ਹੈਰਿਸ ਨੇ ਕੈਨੇਡਾ ਨੂੰ ਆਪਣਾ ਆਰਥਿਕ ਤੇ ਸਟਰੈਟੇਜਿਕ ਭਾਈਵਾਲ ਦੱਸਦਿਆਂ ਅਮਰੀਕਾ ਲਈ ਅਹਿਮ ਮੁਲਕ ਦੱਸਿਆ ਤੇ ਉਨ੍ਹਾਂ ਕਈ ਮੁੱਦਿਆਂ ਉੱਤੇ ਕੈਨੇਡਾ ਨਾਲ ਰਲ ਕੇ ਕੰਮ ਕਰਨ ਦੀ ਇੱਛਾ ਵੀ ਪ੍ਰਗਟਾਈ।
ਟਰੂਡੋ ਤੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਇਡਨ ਦਰਮਿਆਨ ਨੇੜ ਭਵਿੱਖ ਵਿੱਚ ਦੁਵੱਲੀ ਮੀਟਿੰਗ ਦਾ ਸੰਕੇਤ ਵੀ ਦਿੱਤਾ ਗਿਆ ਪਰ ਮਹਾਂਮਾਰੀ ਤੇ ਟਰੈਵਲ ਸਬੰਧੀ ਮਾਪਦੰਡ ਸਖ਼ਤ ਹੋਣ ਕਾਰਨ ਇਹ ਮੀਟਿੰਗ ਵਰਚੂਅਲੀ ਹੋਣ ਦੀ ਸੰਭਾਵਨਾ ਵਧੇਰੇ ਹੈ ਤੇ ਇਸ ਬਾਰੇ ਅਜੇ ਕਿਸੇ ਤਰੀਕ ਦਾ ਐਲਾਨ ਵੀ ਨਹੀਂ ਕੀਤਾ ਗਿਆ। ਇਸ ਦੌਰਾਨ ਦੋਵਾਂ ਆਗੂਆਂ ਵੱਲੋਂ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਤਹੱਈਆ ਵੀ ਪ੍ਰਗਟਾਇਆ ਗਿਆ।

Stay tuned with us