ਟਰੈਵਲ ਸਬੰਧੀ ਹੋਰ ਪਾਬੰਦੀਆਂ ਲਈ ਤਿਆਰ ਰਹਿਣ ਕੈਨੇਡੀਅਨ – ਟਰੂਡੋ

Category : Canada | canada Posted on 2021-01-28 10:06:37


ਟਰੈਵਲ ਸਬੰਧੀ ਹੋਰ ਪਾਬੰਦੀਆਂ ਲਈ ਤਿਆਰ ਰਹਿਣ ਕੈਨੇਡੀਅਨ – ਟਰੂਡੋ

ਟੋਰਾਂਟੋ – ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨੇੜ ਭਵਿੱਖ ਵਿੱਚ ਕੈਨੇਡੀਅਨਾਂ ਨੂੰ ਟਰੈਵਲ ਸਬੰਧੀ ਹੋਰ ਪਾਬੰਦੀਆਂ ਲਾਏ ਜਾਣ ਦੀ ਚੇਤਾਵਨੀ ਦਿੱਤੀ ਹੈ।
ਮੰਗਲਵਾਰ ਨੂੰ ਬ੍ਰੀਫਿੰਗ ਦੌਰਾਨ ਟਰੂਡੋ ਨੇ ਫੈਡਰਲ ਪਬਲਿਕ ਹੈਲਥ ਵੱਲੋਂ ਜਾਰੀ ਨਿਰਦੇਸ਼ਾਂ ਦਾ ਹਵਾਲਾ ਦਿੰਦਿਆਂ ਆਖਿਆ ਕਿ ਕੈਨੇਡੀਅਨ ਵਿਦੇਸ਼ਾਂ ਤੇ ਪ੍ਰੋਵਿੰਸਾਂ ਦਰਮਿਆਨ ਗੈਰ ਜ਼ਰੂਰੀ ਟਰੈਵਲ ਤੋਂ ਗੁਰੇਜ਼ ਕਰਨ। ਟਰੂਡੋ ਨੇ ਫਰੈਂਚ ਵਿੱਚ ਗੱਲ ਕਰਦਿਆਂ ਆਖਿਆ ਕਿ ਹੋਰਨਾਂ ਦੇਸ਼ਾਂ ਤੋਂ ਕੈਨੇਡਾ ਪਹੁੰਚ ਚੁੱਕੇ ਕੋਵਿਡ-19 ਵੇਰੀਐਂਟਸ ਦੀਆਂ ਲਗਾਤਾਰ ਮਿਲ ਰਹੀਆਂ ਰਿਪੋਰਟਾਂ ਤੋਂ ਬਾਅਦ ਹੀ ਸਰਕਾਰ ਵੱਲੋਂ ਪਹਿਲਾਂ ਤੋਂ ਹੀ ਲਾਗੂ ਮਾਪਦੰਡਾਂ ਵਿੱਚ ਹੋਰ ਸੁਧਾਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਇਸ ਸਬੰਧ ਵਿੱਚ ਜਲਦ ਹੀ ਐਲਾਨ ਵੀ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਨੇ ਆਖਿਆ ਕਿ ਜੇ ਕਿਸੇ ਨੇ ਵਿਦੇਸ਼ ਘੁੰਮਣ ਜਾਣ ਦੀ ਯੋਜਨਾ ਬਣਾਈ ਹੈ ਤਾਂ ਉਸ ਨੂੰ ਰੱਦ ਕਰ ਦੇਵੇ।ਉਨ੍ਹਾਂ ਆਖਿਆ ਕਿ ਇੱਕ ਕੇਸ ਹੀ ਕਈ ਹੋਰਨਾਂ ਲਈ ਖਤਰਾ ਖੜ੍ਹਾ ਕਰ ਸਕਦਾ ਹੈ ਤੇ ਕੁੱਝ ਲੋਕਾਂ ਦੀ ਗਲਤ ਚੋਣ ਦਾ ਖਮਿਆਜਾ ਹੋਰ ਕਿਉਂ ਭੁਗਤਣ। ਹਾਲ ਦੀ ਘੜੀ ਕੈਨੇਡਾ ਤੇ ਅਮਰੀਕਾ ਦਰਮਿਆਨ ਸਰਹੱਦ ਨੂੰ ਟਰੈਵਲਰਜ਼ ਲਈ ਬੰਦ ਕੀਤਾ ਹੋਇਆ ਹੈ ਜਦਕਿ ਕੌਮਾਂਤਰੀ ਸਫਰ ਲਈ ਉਡਾਨ ਤੋਂ 72 ਘੰਟੇ ਪਹਿਲਾਂ ਕੋਵਿਡ-19 ਦੀ ਨੈਗੇਟਿਵ ਰਿਪੋਰਟ ਦਿਖਾਈ ਜਾਣੀ ਵੀ ਜ਼ਰੂਰੀ ਹੈ। ਉਸ ਤੋਂ ਬਾਅਦ ਟਰੈਵਲ ਕਰਕੇ ਆਉਣ ਵਾਲਿਆਂ ਨੂੰ 14 ਦਿਨਾਂ ਲਈ ਕੁਆਰਨਟੀਨ ਕਰਨਾ ਵੀ ਜ਼ਰੂਰੀ ਹੈ।
ਇਨ੍ਹਾਂ ਮਾਪਦੰਡਾਂ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾਂ ਕਰਨ ਵਾਲੇ ਨੂੰ ਕੁਆਰਨਟੀਨ ਐਕਟ ਤਹਿਤ 75000 ਡਾਲਰ ਦਾ ਜੁਰਮਾਨਾ ਤੇ ਛੇ ਮਹੀਨੇ ਤੱਕ ਦੀ ਜੇਲ੍ਹ ਹੋ ਸਕਦੀ ਹੈ।

Stay tuned with us