ਵੁਮਨਜ਼ ਟਰੱਕਿੰਗ ਫੈਡਰੇਸ਼ਨ ਨੇ ਡਰਾਈਵਰਾਂ ਲਈ ਵਾਸ਼ਰੂਮ ਦੀ ਘਾਟ ਦਾ ਮੁੱਦਾ ਮੁੜ ਉਠਾਇਆ

Category : Local | local Posted on 2021-01-26 02:42:08


ਵੁਮਨਜ਼ ਟਰੱਕਿੰਗ ਫੈਡਰੇਸ਼ਨ ਨੇ ਡਰਾਈਵਰਾਂ ਲਈ ਵਾਸ਼ਰੂਮ ਦੀ ਘਾਟ ਦਾ ਮੁੱਦਾ ਮੁੜ ਉਠਾਇਆ

ਕੋਵਿਡ-19 ਦੀ ਦੂਜੀ ਵੇਵ ਨੇ ਇੱਕ ਵਾਰੀ ਫਿਰ ਕੈਨੇਡਾ ਭਰ ਵਿੱਚ ਕਾਰੋਬਾਰਾਂ ਤੇ ਹੋਰ ਕੰਮਕਾਜ ਨੂੰ ਬੰਦ ਕਰ ਦਿੱਤਾ ਹੈ ਤਾਂ ਅਜਿਹੇ ਵਿੱਚ ਟਰੱਕ ਡਰਾਈਵਰਾਂ ਲਈ ਵਾਸ਼ਰੂਮ ਫੈਸਿਲਿਟੀਜ਼ ਦੀ ਘਾਟ ਦਾ ਮੁੱਦਾ ਇੱਕ ਵਾਰੀ ਫਿਰ ਉੱਠਿਆ ਹੈ।
ਵੁਮਨਜ਼ ਟਰੱਕਿੰਗ ਫੈਡਰੇਸ਼ਨ ਆਫ ਕੈਨੇਡਾ ਦੀ ਸੀਈਓ ਸ਼ੈਲੀ ਉਵੇਨਾਈਲ ਹੈਸ਼ ਦਾ ਕਹਿਣਾ ਹੈ ਕਿ ਕੋਵਿਡ-19 ਮਹਾਂਮਾਰੀ ਦੌਰਾਨ ਜ਼ਰੂਰੀ ਵਸਤਾਂ ਦੀ ਡਲਿਵਰੀ ਕਰਨ ਵਾਲੇ ਟਰੱਕਰਜ਼ ਨੂੰ ਖੁੱਲ੍ਹੇ ਵਾਸ਼ਰੂਮਜ਼ ਲੱਭਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ, ਇਸ ਨਾਲ ਸਿਹਤ ਸਬੰਧੀ ਕਈ ਦਿੱਕਤਾਂ ਹੋ ਸਕਦੀਆਂ ਹਨ। ਉਵੇਨਾਈਲ ਹੈਸ਼ ਨੇ ਸਮਾਨ ਭੇਜਣ ਤੇ ਟਰੱਕਾਂ ਰਾਹੀਂ ਡਲਿਵਰੀਜ਼ ਸਵੀਕਾਰਨ ਵਾਲੇ ਕਾਰੋਬਾਰਾਂ ਤੋਂ ਇਲਾਵਾ ਚੇਨ ਰੈਸਟੋਰੈਂਟਸ ਨੂੰ ਮੀਡੀਆ ਰਾਹੀਂ ਇਹ ਅਪੀਲ ਕੀਤੀ ਕਿ ਉਹ ਇਸ ਕੰਮ ਲਈ ਆਪਣੀਆਂ ਫੈਸਿਲਿਟੀਜ਼ ਨੂੰ ਖੋਲ੍ਹਣ।
ਇੱਕ ਇੰਟਰਵਿਊ ਵਿੱਚ ਉਵੇਨਾਈਲ ਹੈਸ਼ ਨੇ ਆਖਿਆ ਕਿ ਕਈ ਚੇਨ ਰੈਸਟੋਰੈਂਟਸ ਤੇ ਲੋਕਲ ਕਾਰੋਬਾਰ ਜਿਹੜੇ ਖੁੱਲ੍ਹੇ ਹੋਏ ਹਨ ਉਨ੍ਹਾਂ ਵੱਲੋਂ ਆਪਣੀਆਂ ਫੈਸਿਲਿਟੀਜ਼ ਤੱਕ ਪਹੁੰਚ ਉੱਤੇ ਪਾਬੰਦੀ ਲਾਈ ਗਈ ਹੈ, ਇਸ ਤੋਂ ਭਾਵ ਇਹ ਹੈ ਕਿ ਜਿਹੜੇ ਟਰੱਕਰ 12 ਘੰਟੇ ਦੀਆਂ ਸਿ਼ਫਟਾਂ ਵਿੱਚ ਕੰਮ ਕਰਦੇ ਹਨ ਤਾਂ ਉਨ੍ਹਾਂ ਨੂੰ ਸਾਰਾ ਦਿਨ ਰੈਸਟਰੂਮ ਦੀ ਵਰਤੋਂ ਕਰਨ ਦਾ ਮੌਕਾ ਹੀ ਨਹੀਂ ਮਿਲਦਾ। ਉਨ੍ਹਾਂ ਟਰੱਕਿੰਗ ਇੰਡਸਟਰੀ ਦੇ ਕੈਰੀਅਰਜ਼ ਨੂੰ ਆਪਣੇ ਡਰਾਈਵਰਾਂ ਲਈ ਖੜ੍ਹੇ ਹੋਣ ਲਈ ਵੀ ਆਖਿਆ।

ਪਿਛਲੀ ਬਸੰਤ ਵਿੱਚ ਸੀਟੀਏ ਤੇ ਓਟੀਏ ਨੇ ਟਰੱਕ ਡਰਾਈਵਰਾਂ ਨੂੰ ਅਕਮੋਡੇਟ ਕਰਨ ਲਈ ਕਾਰੋਬਾਰਾਂ ਨੂੰ ਅਪੀਲ ਕੀਤੀ ਤੇ ਉਨ੍ਹਾਂ ਰੈਸਟੋਰੈਂਟਸ ਕੈਨੇਡਾ ਤੇ ਹੋਰਨਾਂ ਚੇਨਜ਼ ਨੂੰ ਆਪਣੀਆਂ ਫੈਸਿਲਿਟੀਜ਼ ਨੂੰ ਖੁੱਲ੍ਹਾ ਰੱਖਣ ਲਈ ਸਮਝਾਇਆ ਤੇ ਡਰਾਈਵਰਾਂ ਨਾਲ ਸਨਮਾਨਪੂਰਬਕ ਪੇਸ਼ ਆਉਣ ਲਈ ਵੀ ਆਖਿਆ। ਉਵੇਨਾਈਲ ਹੈਸ਼ ਨੇ ਦੱਸਿਆ ਕਿ ਕਿਸ ਤਰ੍ਹਾਂ ਕੁੱਝ ਡਰਾਈਵਰ, ਜਿਹੜੇ ਆਪਣਾ ਅੱਧਾ ਦਿਨ ਅਨਲੋਡਿੰਗ ਦਾ ਕੰਮ ਕਰਨ ਵਿੱਚ ਗੁਜ਼ਾਰ ਦਿੰਦੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਫੈਸਿਲਿਟੀਜ਼ ਦੀ ਵਰਤੋਂ ਨਹੀਂ ਕਰਨ ਦਿੱਤੀ ਜਾਂਦੀ ਤੇ ਫਿਰ ਉਨ੍ਹਾਂ ਨੂੰ ਟੌਇਲਟ ਪੇਪਰ ਦਾ ਇੱਕ ਰੋਲ ਦੇ ਕੇ ਬਿਲਡਿੰਗ ਦੇ ਪਿੱਛੇ ਜਾਣ ਲਈ ਆਖ ਦਿੱਤਾ ਜਾਂਦਾ ਹੈ।
ਉਨ੍ਹਾਂ ਆਖਿਆ ਕਿ ਇਹ ਬਹੁਤ ਹੀ ਗੈਰਮਨੁੱਖੀ ਹੈ। ਇਹ ਹਰ ਪੱਧਰ ਉੱਤੇ ਕਾਫੀ ਗਲਤ ਹੈ। ਉਨ੍ਹਾਂ ਆਖਿਆ ਕਿ ਡਰਾਈਵਰ ਵੀ ਇਨਸਾਨ ਹਨ, ਅਸੀਂ ਕੋਈ ਕੁੱਤੇ ਨਹੀਂ ਹਾਂ। ਅਸੀਂ ਹਲਕੇ ਹੋਣ ਲਈ ਬਾਹਰ ਨਹੀਂ ਜਾ ਸਕਦੇ।ਸਾਨੂੰ ਵੀ ਹੋਰਨਾਂ ਵਾਂਗ ਵਾਸ਼ਰੂਮ ਵਿੱਚ ਜਾਣ ਦਾ ਪੂਰਾ ਹੱਕ ਹੈ। ਇੱਕ ਬਿਆਨ ਵਿੱਚ ਓਨਟਾਰੀਓ ਦੀ ਟਰਾਂਸਪੋਰਟੇਸ਼ਨ ਮੰਤਰੀ ਕੈਰੋਲੀਨ ਮਲਰੋਨੀ ਦੀ ਤਰਜ਼ਮਾਨ ਨੇ ਆਖਿਆ ਕਿ ਇਹ ਬਿਲਕੁਲ ਸਵੀਕਾਰਨਯੋਗ ਨਹੀਂ ਹੈ ਕਿ ਡਰਾਈਵਰਾਂ ਨੂੰ ਪਬਲਿਕ ਰੈਸਟਰੂਮਜ਼ ਦੀ ਵਰਤੋਂ ਕਰਨ ਤੋਂ ਰੋਕਿਆ ਜਾਂਦਾ ਹੈ ਤੇ ਇਸੇ ਲਈ ਉਨ੍ਹਾਂ ਕਾਰੋਬਾਰਾਂ ਨੂੰ ਅੱਗੇ ਆ ਕੇ ਉਨ੍ਹਾਂ ਦੀ ਮਦਦ ਕਰਨ ਲਈ ਆਖਿਆ।
ਟਰੈਂਬਲੇ ਨੇ ਆਖਿਆ ਕਿ ਸਾਡੀ ਸਰਕਾਰ ਟਰੱਕਿੰਗ ਇੰਡਸਟਰੀ ਦੀ ਮਦਦ ਲਈ ਵਚਨਬੱਧ ਹੈ। ਟਰੱਕ ਡਰਾਈਵਰਾਂ ਤੇ ਕਮਰਸ਼ੀਅਲ ਕੈਰੀਅਰਜ਼ ਨੇ ਓਨਟਾਰੀਓ ਦੇ ਲੋਕਾਂ ਲਈ ਵਸਤਾਂ ਨੂੰ ਲਿਆਉਣ ਲਿਜਾਣ ਲਈ ਸਖ਼ਤ ਮਿਹਨਤ ਕੀਤੀ ਹੈ ਤੇ ਇਹ ਸਵੀਕਾਰਨਯੋਗ ਨਹੀਂ ਹੈ ਕਿ ਕਈ ਡਰਾਈਵਰਾਂ ਨੂੰ ਵਾਸ਼ਰੂਮਜ਼ ਦੀ ਵਰਤੋਂ ਕਰਨ ਤੋਂ ਰੋਕ ਦਿੱਤਾ ਜਾਂਦਾ ਹੈ। ਪ੍ਰੋਵਿੰਸ ਵੱਲੋਂ 18 ਸੀਜ਼ਨਲ ਰੈਸਟ ਏਰੀਆ ਲੋਕੇਸ਼ਨਾਂ ਨੂੰ ਖੋਲ੍ਹਣ ਦੇ ਨਾਲ ਨਾਲ 31 ਟਰੱਕ ਇੰਸਪੈਕਸ਼ਨ ਸਟੇਸ਼ਨਜ਼ ਤੇ ਇੱਕ ਟੂਰਿਸਟ ਇਨਫਰਮੇਸ਼ਨ ਸੈਂਟਰ ਖੋਲ੍ਹਣ ਦੀ ਯੋਜਨਾ ਬਣਾਈ ਜਾ ਰਹੀ ਹੈ।ਇਹ ਸਾਈਟਸ ਪ੍ਰੋਵਿੰਸ ਦੀਆਂ 23 ਆਨ ਰੂਟ ਸਰਵਿਸ ਸੈਂਟਰਜ਼ ਤੋਂ ਇਲਾਵਾ ਹਨ।

Stay tuned with us